Typing paragraph
ਹੈਲੋ ਮੈਂ ਪਲਟਾ ਸਿਹੁੰ ਬੋਲਦਾ ਪਛਾਣਿਆਂ ਯਾਰ ਘਚੋਲਾ ਰਾਮਾ, ਲੈ ਭਾ ਪਛਾਣ ਲਿਆ, ਪਛਾਣਾਂ ਕਿਉਂ ਨਾ ਇਹ ਕਿਵੇਂ ਹੋ ਸਕਦੈ ਮੈਂ ਤੇਰੀ ਆਵਜ ਨਾ ਪਛਾਣਾਂ, ਟੱਲ ਵਾਂਗ ਖੜਕਦੀ ਕਦੇ ਢੋਲ ਵਾਂਗ ਗੱਜਦੀ ਇਹ ਆਵਾਜ ਮੈਨੂੰ ਕਦੇ ਭੁੱਲ ਸਕਦੀ ਵਾ ਹੱਛਾ ਚੱਲ, ਸੁਣਾ ਕੀ ਹਾਲ ਚਾਲ ਵਾ ਤੇਰਾ ਯਾਰ, ਕਾਫੀ ਦੇਰ ਹੋ ਗਈ ਸੀ, ਤੇਰੇ ਨਾਲ ਗੱਲਾਂ ਬਾਤਾਂ ਕੀਤਿਆਂ, ਮੈਂ ਸੋਚਿਆ ਅੱਜ ਥੋੜ੍ਹੀ ਵਿਹਲ ਮਸਾਂ ਮਸਾਂ ਮਿਲੀ ਸੋਚਿਆ ਤੇਰੇ ਨਾਲ ਵੀ ਅੱਜ ਗੱਲ ਬਾਤਾਂ ਕਰੀਏ, ਹੋਰ ਸੁਣਾ ਕੋਈ ਨਵੀਂ ਤਾਜੀ, ਵੈਸੇ ਅਖਬਾਰਾਂ ਵਿੱਚ ਤਾਂ ਅੱਜ ਕੱਲ ਖਬਰਾਂ ਦੀ ਕੋਈ ਕਮੀਂ ਨਹੀਂ ਹੁੰਦੀ, ਪਰ ਤੇਰੇ ਨਾਲ ਗੱਲਾਂ ਬਾਤਾਂ ਕਰਨ ਦਾ ਸੁਵਾਦ ਕੁੱਝ ਵੱਖਰਾ ਹੀ ਹੁੰਦਾ ਹੈ। ਪਿੱਛੇ ਜਿਹੇ ਇੱਕ ਦਿਨ ਸਾਡਾ ਪੁਰਾਣਾ ਬੇਲੀ ਮਿਲਾਵਟੀ ਰਾਮ ਮਿਲਿਆ, ਉੱਸ ਦੀ ਵੀ ਅੱਜ ਕਲ ਚਾਂਦੀ ਹੈ, ਹਰ ਚੀਜ ਤੇ ਮਠਿਆਈਆਂ ਹੋਣ ਦੁਆਈਆਂ ਹੋਣ ਭਾਵੇਂ ਖਾਣ ਪੀਣ ਦੀ ਚੀਜਾਂ ਵਸਤਾਂ ਹੋਣ ਹਰ ਚੀਜ ਤੇ ਉੱਸ ਦਾ ਸਿੱਕਾ ਚਲਦਾ ਹੈ, ਦੇਸ਼ ਦੀ ਵੰਡ ਤੋਂ ਪਹਿਲਾਂ ਤਾਂ ਉਹ ਇੱਕ ਪਾਟੀ ਜਿਹੀ ਫਤੂਹੀ ਤੇ ਧੋਤੀ ਵਿੱਚ ਲਾਸ਼ ਵਾਂਗੋਂ ਲਪੇਟਿਆ ਹੀ ਲਗਦਾ ਸੀ। ਪਰ ਅੱਜ ਕੱਲ ਤਾਂ ਲੱਖਾਂ ਕਰੋੜਾਂ ਵਿੱਚ ਖੇਡਦਾ ਹੈ। ਉੱਸ ਨੂੰ ਮਿਲਣ ਲਈ ਵੀ ਸਮਾਂ ਲੈਣਾ ਪੈਂਦਾ ਹੈ। ਸਰਕਾਰੇ ਦਰਬਾਰੇ ਖਾਸ ਕਰ ਚੋਣਾਂ ਵੇਲੇ ਤਾਂ ਵੱਡੇ 2 ਨੇਤਾਵਾਂ ਦੇ ਚਮਚੇ ਵੀ ਉਸ ਤੋਂ ਕਰੋੜਾਂ ਅਰਬਾਂ ਦੀ ਕੋਠੀ ਅੱਗੇ ਭਿਖਿਆ ਦੇ ਰੂਪ ਵਿੱਚ ਚੰਦੇ ਲੈਣ ਲਈ ਠੂਠੇ ਫੜੀ ਫਿਰਦੇ ਨੇ। ਲੈ ਇੱਸ ਦੇ ਨਾਲ ਹੀ ਆਪਣੇ ਇੱਕ ਹੋਰ ਲੰਗੋਟੀਏ ਯਾਰ ਧੱਕਾ ਰਾਮ ਬਾਰੇ ਵੀ ਸੁਣ ਲੈ ਉਹ ਵੀ ਅੱਜ ਕੁੱਲ ਕੋਈ ਨਵੇਂ ਤੋਂ ਨਵਾਂ ਚੰਦ ਚੜ੍ਹਾਈ ਰੱਖਦਾ ਹੈ। ਪਿੱਛੇ ਜਿਹੇ ਇੱਕ ਵਾਰ ਮੈਨੂੰ ਮਿਲਿਆ ਤੇ ਕਹਿਣ ਲੱਗਾ ਯਾਰ ਤੈਨੂੰ ਮਿਲਕੇ ਬੜੀ ਖੁਸ਼ੀ ਕੋਈ ਸੇਵਾ ਪਾਣੀ ਦੱਸ ਮੈਂ ਕਿਹਾ ਹੱਦ ਹੋ ਗਈ ਯਾਰ ਸੇਵਾ ਪਾਣੀ ਕੋਈ ਪੁੱਛ ਪੁੱਛ ਕੇ ਕਰੀ ਦੀ ਹੈ ਜੇ ਕਹਿ ਹੀ ਬੈਠਾਂ ਹੈਂ ਤਾਂ ਗੱਲ ਵੀ ਸਿਰੇ ਚੜ੍ਹਾ, ਕਹਿਣ ਦੀ ਦੇਰ ਸੀ ਝੱਟ ਪੱਟ ਚਾਰ ਬੰਦੇ ਇੱਧਰੋਂ ਉਧਰੋਂ ਇੱਕੱਠੇ ਕਰ ਕੇ ਠੇਕੇ ਬੰਦ ਕਰੋ, ਠੇਕੇ ਬੰਦ ਕਰੋ, ਅਪਨੇ ਘਰਾਂ ਵਿੱਚ ਪੀਣ ਦਾ ਪ੍ਰਬੰਧ ਕਰੋ ਦੇ ਨਾਅਰੇ ਲਾਉਂਦੇ ਜਾ ਠੇਕੇ ਤੇ ਹੱਲਾ ਬੋਲਿਆ, ਠੇਕੇ ਵਾਲਾ ਭੀੜ ਵੇਖ ਕੇ ਠੇਕਾ ਛੱਡ ਕੇ ਜਾਣ ਬਚਾਉਣ ਦਾ ਮਾਰਾ ਭੁੱਜ ਗਿਆ, ਭੀੜ ਨੇ ਠੇਕੇ ਤੇ ਹੱਲਾ ਬੋਲ ਦਿੱਤਾ ਲੋੜ ਵੰਦ ਬੋਤਲਾਂ ਲੈ ਗਏ ਧੱਕਾ ਰਾਮ ਨੇ ਵੀ ਡੱਬ ਵਿੱਚ ਦੋ ਤਿੰਨ ਬੋਤਲਾਂ ਇੱਧਰ ਓਧਰ ਫਸਾ ਕੇ ਘਰ ਆ ਬੂਹਾ ਆ ਖੜਕਾਇਆ ਤੇ ਬੱਸ ਫਿਰ ਕੀ ਸੀ। ਘਰ ਵਾਲੀ ਬਥੇਰੀ ਕਲਪਦੀ ਰਹੀ ਬੱਸ ਕਰੋ ਨਾ ਡਫੋ ਕਿਤੇ ਸੁੱਤੇ ਹੀ ਨਾ ਸੌਂ ਜਾਇਓ ਪਰ ਮੇਰੇ ਯਾਰ ਬੋਲਿਆ ਹੁਣ ਬੜੀਆਂ ਗੱਲਾਂ ਆ ਗਈਆਂ ਤੈਨੂੰ, ਆਪੇ ਤਾਂ ਇਕੱਠੀਆਂ ਹੋ ਹੋ ਕੇ ਠੇਕੇ ਬੰਦ ਕਰਾਉਣ ਤੁਰ ਪੈਂਦੀਆਂ ਓ। ਜੇ ਅਸੀਂ ਖਾਂਦੇ ਪੀਂਦੇ ਮਰ ਗਏ ਤਾਂ ਮਰ ਜਾਈਏ ਤੂਨੂੰ ਕੀ ਪਰ ਅਜੇ ਤੈਨੂੰ ਤੇਰੀ ਚਲਦੇ ਘਰਾਟ ਵਿੱਚ ਗੀਟੀ ਅੜਾਉਣ ਦੀ ਪਰਾਣੀ ਆਦਤ ਕਿਉਂ ਨਹੀਂ ਜਾਂਦੀ। ਉਹ ਵਿਚਾਰੀ ਖਪ ਖਿੱਝ ਕੇ ਹਟ ਗਈ ਪਰ ਅਸੀਂ ਸਾਰੀ ਰਾਤ ਮੌਜਾਂ ਲੁੱਟੀਆਂ, ਰਾਤ ਪਤਾ ਨਹੀਂ ਕਦੋਂ ਲੰਘ ਗਈ। ਵਾਪਸੀ ਵੇਲੇ ਕਹਿਣ ਲੱਗਾ ਯਾਰ ਮਿਲਦਾ ਗਿਲਦਾ ਰਿਹਾ ਕਰ ਤੇਰੇ ਨਾਲ ਮਿਲਕੇ ਸਮਾ ਵਾਹਵਾ ਲੰਘ ਜਾਂਦਾ ਹੈ, ਨਾਲੇ ਪੁੱਛਣ ਲੱਗਾ ਯਾਰ ਉਹ ਆਪਣਾ ਪਰਾਣਾ ਬੇਲੀ ਰਗੜਾ ਰਾਮ ਕਿੱਥੇ ਰਹਿੰਦਾ ਏ ਹੁਣ, ਮੈਂ ਤਾਂ ਉੱਸ ਨੂੰ ਬਥੇਰਾ ਲੱਭਣ ਦਾ ਯਤਨ ਕੀਤਾ ਹੈ ਪਰ ਪਤਾ ਨਹੀਂ ਉਹ ਭਲਾ ਮਾਣਸ ਹੁਣ ਕਿਹੜੀ ਦੁਨੀਆ ਵਿੱਚ ਰਹਿੰਦਾ ਹੈ। ਰਗੜਾ ਰਾਮ ਬਾਰੇ ਸੁਣ ਕੇ ਘਚੋਲਾ ਰਾਮ ਹੀਂ ਹੀਂ ਕਰਦਾ ਬੋਲਿਆ, ਉੱਸ ਨੇ ਤਾਂ ਕਮਾਲ ਹੀ ਕਰ ਦਿੱਤੀ ਯਾਰ, ਕਿਤੋਂ ਕੁੱਝ ਰੰਗ ਬਰੰਗੇ ਮਣਕੇ ਲੱਭ ਕੇ ਦੋ ਚਾਰ ਮਾਲਾਂ ਗਲ ਵਿੱਚ ਪਾ ਕੇ ਬਾਬਿਆਂ ਵਾਲਾ ਚੋਲਾ ਪਾ ਕੇ ਕਿਸੇ ਪਿੰਡ ਲਾਗੇ ਇੱਕ ਉਜਾੜ ਜਿਹੀ ਥਾਂ ਢਾਬ ਦੇ ਕੰਢੇ ਤੇ ਜਾ ਡੇਰੇ ਲਾਏ ਨੇ, ਭੰਗ ਦੇ ਰਗੜੇ, ਲਾਉਣੇ ਅੱਖਾਂ ਮੀਟ ਕੇ ਨਸ਼ੇ ਦੀ ਮਸਤੀ ਵਿੱਚ ਬੈਠੇ ਰਹਿਣਾ, ਕੁੱਝ ਦਿਨਾਂ ਵਿੱਚ ਹੀ ਪਿੰਡ ਦੀ ਵਿਹਲੜ ਮੁਂੰਡੀਰ ਜਿਨ੍ਹਾਂ ਦੇ ਪ੍ਰਿਵਾਰ ਦੇ ਜੀਅ ਬਹੁਤੇ ਵਿਦੇਸਾਂ ਵਿੱਚ ਰਹਿ ਕੇ ਉਨ੍ਹਾਂ ਨੂੰ ਬਾਹਰ ਦੀ ਹੱਡ ਭੰਵੀਂ ਕਮਾਈ ਵਿੱਚੋਂ ਡਾਲਰ ਯੂਰੋ ਹਰ ਮਹੀਨੇ ਭੇਜ ਛੱਡਦੇ ਹਨ, ਤੇ ਸਾਰਾ ਕੁਝ ਭਈਆਂ ਤੇ ਛੱਡ ਕੇ ਕਈ ਕਈ ਕਿਸਮਾਂ ਦੇ ਨਸ਼ਿਆਂ ਦੀ ਮਾਰ ਦੇ ਮਾਰੇ, ਪੱਕੇ ਹੀ ਘਰਾਂ ਦੇ ਕੰਮ ਕਾਰਾਂ ਨੂੰ ਫਤਹਿ ਬੁਲਾ ਕੇ, ਉਹਦੇ ਡੇਰੇ ਵਿੱਚ ਰੌਣਕਾਂ ਲਾਈ ਰੱਖਦੇ ਹਨ। ਮੈਂ ਵੀ ਇੱਕ ਦਿਨ ਭੋਲ ਭੁਲੇਖੇ ਫਿਰਦਾ ਫਿਰਾਂਦਾ ਉੱਸ ਦੇ ਡੇਰੇ ਕੋਲ ਜਾ ਪਹੁੰਚਾ ਅਤੇ ਕੋਲੋਂ ਦੀ ਲੰਘਦੀ ਇੱਕ ਮਾਈ ਨੂੰ ਉੱਸ ਥਾਂ ਬਾਰੇ ਮੈਂ ਪੁੱਛ ਬੈਠਾ ਮਾਤਾ ਇਹ ਕਿੱਸ ਮਹਾਤਮਾ ਦਾ ਡੇਰਾ ਹੈ ਤਾਂ ਮਾਈ ਦੋਵੇਂ ਹੱਥ ਜੋੜੀ ਉੱਸ ਡੇਰੇ ਵੱਲ ਮੂੰਹ ਕਰਕੇ ਬੋਲੀ ਵੇ ਪੁੱਤ ਕੁੱਝ ਨਾ ਪੁੱਛ ਇੱਸ ਮਹਾਤਮਾ ਬਾਰੇ ਰੱਬ ਦਾ ਰੂਪ ਵਾ ਬਾਬਾ ਢਾਬਾਂ ਵਾਲਾ, ਜਿਹੜੀ ਗੱਲ ਮੂੰਹੋਂ ਕੱਢੇ ਬਿਰਥੀ ਨਹੀਂ ਜਾਂਦੀ ਇੱਸ ਦੀ, , ਮੇਰੀ ਨੋਂਹ ਦੀ ਕੁੱਖ ਨੂੰ ਪੂਰੇ ਪੂਰੇ ਛੇ ਸਾਲਾਂ ਬਾਅਦ ਹਰੀ ਹੋਈ ਇੱਸੇ ਬਾਬੇ ਦੀ ਕਿਰਪਾ ਨਾਲ ਹੀ, ਪੁੱਤ ਮੈਂ ਤੈਨੂੰ ਕੀ ਦੱਸਾਂ ਇੱਕੋ ਇੱਕ ਪੁੱਤ ਵਾ ਜੋ ਧੱਕੇ ਧੋੜੇ ਖਾਂਦਾ ਪ੍ਰਦੇਸ ਗਿਆ ਇੱਸੇ ਬਾਬੇ ਦੀ ਕ੍ਰਿਪਾ ਨਾਲ ਅਤੇ ਹੁਣ ਪੱਕਾ ਹੋ ਕੇ ਮਸਾਂ ਮਸਾਂ ਕਾਗਤ ਪੱਤਰ ਬਨਾ ਕੇ ਘਰ ਆਉਣ ਜੋਗਾ ਹੋਇਆ ਇੱਸ ਬਾਬੇ ਦੀ ਕ੍ਰਿਪਾ ਨਾਲ, ਪਿੱਛੇ ਜਿਹੇ ਮਹੀਨਾ ਕੁ ਰਹਿ ਗਿਆ ਨਾਲੇ ਬਾਬੇ ਦੀ ਖੁਲ੍ਹੇ ਦਿਲ ਨਾਲ ਸੇਵਾ ਵੀ ਕਰ ਗਿਆ, ਭੋਰਾ ਤਾਂ ਬੰਦਗੀ ਕਰਨ ਲਈ ਉੱਸ ਦਾ ਪਹਿਲਾਂ ਵੀ ਸੀ, ਪਰ ਹੁਣ ਇੱਕ ਬੜਾ ਵੱਡਾ ਸਾਰਾ ਕਮਰਾ ਵੀ ਨਾਲ ਬਨਾ ਗਿਆ ਹੈ। ਮੈਂ ਮਾਈ ਨੂੰ ਪੁੱਛਿਆ ਕੀ ਨਾਂ ਮਾਈ ਬਾਬੇ ਦਾ ਮਾਈ ਦਿਮਾਗ ਤੇ ਪੂਰਾ ਜੋਰ ਲਾ ਕੇ ਬੋਲੀ ਵੇ ਵੀਰਾ ਨਾਂ ਦਾ ਕਿਸੇ ਨੂੰ ਵੀ ਪਤਾ ਨਹੀਂ ਪਰ ਸਾਰੇ ਉੱਸ ਨੂੰ ਬਾਬਾ ਢਾਬਾਂ ਵਾਲਾ ਹੀ ਕਹਿੰਦੇ ਹਨ। ਤੂੰ ਜਾ ਕੇ ਕੇਰਾਂ ਦਰਸ਼ਨ ਤਾਂ ਕਰ ਕੇ ਵੇਖ ਕਿਵੇਂ ਲਾਲੀ ਭੱਖਦੀ ਏ ਉਹਦੇ ਮੂੰਹ ਤੇ, ਬੜੀ ਕਮਾਈ ਵਾਲਾ ਵਾ ਇਹ ਮਹਾਤਮਾ। ਸਰਕਾਰੇ ਦਰਬਾਰੇ ਵੀ ਵਾਹਵਾ ਚਲਦੀਆਂ ਇਹਦੀ ਤੇ ਨਾਲੇ ਦੁਆ ਦਾਰੂ ਵੀ ਕਰਦਾ ਆ ਤੇ ਨਾਲੇ ਕਾਲਾ ਇਲਮ ਵੀ ਜਾਣਦਾ ਆ, ਤੂੰ ਇੱਕ ਵਾਰ ਦਰਸ਼ਨ ਕਰੇਂਗਾ ਤਾਂ ਤੈਨੂੰ ਸੱਭ ਕੁਝ ਆਪ ਹੀ ਪਤਾ ਲੱਗ ਜਾਣਾ, ਪੁੱਤ ਵੇਖਣ ਸੁਨਣ ਵਿੱਚ ਬੜਾ ਫਰਕ ਹੁੰਦਾ ਵਾ। ਮਾਈ ਦਆਂ ਗੱਲਾਂ ਸੁਣ ਕੇ ਮੈਂ ਵੀ ਡੇਰੇ ਜਾ ਪਹੁੰਚਾ ਪਰ ਮੈਂ ਕਾਫੀ ਦੇਰ ਉੱਸ ਮਹਾਤਮਾ ਦੇ ਵੱਲ ਵੇਖਦਾ ਹੀ ਰਿਹਾ ਤੇ ਸੋਚੀਂ ਜਾਂਵਾਂ ਕਿ ਰੱਬ ਨਾ ਭੁਲਾਏ ਯਾਰ ਇਹ ਸ਼ਕਲ ਕੁੱਝ ਜਾਣੀ ਪਛਾਣੀ ਜਿਹੀ ਲੱਗਦੀ ਹੈ, ਪਰ ਉੱਸ ਨੇ ਮੈਨੂੰ ਪਛਾਣ ਲਿਆ ਤੇ ਝੱਟ ਇਸ਼ਾਰਾ ਕਰਕੇ ਆਪਣੇ ਕੋਲ ਬੁਲਾ ਕੇ ਮੇਰੇ ਕੰਨ ਵਿੱਚ ਕੁੱਝ ਕਿਹਾ, ਤੇ ਮੈਂ ਵੀ ਘੇਸ ਵੱਟ ਕੇ ਕੋਲ ਹੀ ਬੈਠ ਗਿਆ, ਇੱਕ ਚੇਲੇ ਨੂੰ ਉੱਸ ਨੇ ਕਿਹਾ ਕਿ ਭਗਤਾ ਇਹ ਆਪਣੇ ਪੁਰਾਣੇ ਸੇਵਕ ਆਏ ਹਨ। ਇਨ੍ਹਾਂ ਦੀ ਸੇਵਾ ਚੰਗੀ ਤਰ੍ਹਾਂ ਕਰੋ, ਝੱਟ ਪਟ ਕੂੰਡੇ ਡੰਡੇ ਖੜਕਣ ਲੱਗ ਪਏ ਪਰ ਬਾਬਾ ਕਹਿਣ ਲੱਗਾ ਇਨ੍ਹਾਂ ਦਾ ਅਸਾਂ ਸਵਾ ਮਹੀਨੇ ਲਈ ਅਸਾਂ ਬੰਧਾਨ ਕੀਤਾ ਹੋਇਆ ਹੈ, ਹੋਰ ਜਲ ਪਾਣੀ ਦੀ ਸੇਵਾ ਕਰੋ, ਮੈਂ ਬੋਲਿਆ ਨਹੀਂ ਬਾਬਾ ਜੀ ਮੈਨੂੰ ਭੁੱਖ ਬਹੁਤ ਲੱਗੀ ਹੈ, ਪਹਿਲਾਂ ਪ੍ਰਸਾਦਾ ਛਕਾ ਦਿਓ, ਬਾਕੀ ਬਾਅਦ ਵਿੱਚ ਵੇਖੀ ਜਾਏ ਗੀ। ਇੱਕ ਵਾਰ ਤਾਂ ਸੱਚ ਜਾਣੀਂ ਭਾ ਮੇਰੇ ਤਾਂ ਉੱਸ ਦੀ ਠਾਠ ਬਾਠ ਵੇਖ ਕੇ ਟਟਹਿਣੇ ਹੀ ਭੌਂ ਗਏ। ਤੈਨੂੰ ਪਤਾ ਹੀ ਹੈ ਕਿ ਉੱਸ ਪਾਸ ਇੱਕ ਅੰਗਰੇਜਾਂ ਵੇਲੇ ਦਾ ਸ਼ੈਕਲ ਹੁਂਦਾ ਸੀ, ਪਰ ਹੁਣ ਉੱਸ ਡੇਰੇ ਵਿੱਚ ਉੱਸ ਪਾਸ ਵਧੀਆ ਕਿਸਮ ਦਾ ਮੋਟਰ ਸਾਈਕਲ ਹੈ ਜਿੱਸ ਤੇ ਉੱਸ ਦੇ ਚੇਲੇ ਮਜਾਲ ਏ ਕਿਤੇ ਵੀ ਧੂੜ ਮਿੱਟੀ ਲੱਗਣ ਦੇਣ, ਅੱਵਲ ਤਾਂ ਉੱਸ ਦੇ ਕਈ ਸ਼ਰਧਾਲੂ ਉੱਸ ਨੂੰ ਬੜੀ ਸ਼ਰਧਾ ਨਾਲ ਆਪਣੀਆਂ ਕਾਰਾਂ ਗੱਡੀਆਂ ਤੇ ਹੀ ਲਈ ਫਿਰਦੇ ਹਨ। ਤੇਰੇ ਨਾਲ ਗੱਲਾਂ ਕਰਾਂਗਾ ਤੇ ਨਾਲੇ ਦੱਸਾਂਗਾ ਕਿ ਕਿੱਦਾਂ ਅਜੋਕੀ ਰਾਜ ਨੀਤੀ ਵਿੱਚ ਪਲਟੇ ਮਾਰੀਦੇ ਹਨ, ਤੇ ਤੇਰੇ ਨਾਲ ਗੱਲਾਂ ਤਾਂ ਹੋਰ ਵੀ ਕਈ ਗੱਲਾਂ ਕਰਨ ਵਾਲੀਆਂ ਸਨ, ਪਰ ਤੈਨੂੰ ਪਤਾ ਹੀ ਹੈ ਕਿ ਸਾਰੀਆਂ ਗੱਲਾਂ ਫੋਨ ਤੇ ਕਰਨ ਵਾਲੀਆਂ ਨਹੀਂ ਹੁੰਦੀਆਂ ਕਿਉਂਕਿ ਕਿ ਅੱਜ ਕੱਲ ਵੱਡੇ 2 ਲੀਡਰਾਂ ਦੇ ਫੋਨ ਟੇਪ ਵੀ ਹੁੰਦੇ ਹਨ, ਤੇ ਅਸੀਂ ਵੀ ਕਿਹੜੇ ਮਾੜੇ ਮੋਟੇ ਲੀਡਰ ਆਂ। ਚੰਗਾ ਫਿਰ ਮੇਰੇ ਲਾਇਕ ਕੋਈ ਛੋਟੀ ਵੱਡੀ ਸੇਵਾ ਹੋਵੇ ਤਾਂ ਦੱਸੀਂ ਫਿਰ ਵੇਖੀਂ ਕੰਮ ਤੇਰੇ ਯਾਰ ਪਲਟਾ ਸਿੰਹੁੰ ਦੇ, ਨਾਲੇ ਮੇਰਾ ਫੋਨ ਨੰਬਰ ਵੀ ਨੋਟ ਕਰ ਲੈ, ਕਦੇ ਲੋੜ ਪੈ ਹੀ ਜਾਂਦੀ ਹੈ, ਚੰਗਾ ਫਿਰ ਮਿਲਾਂਗੇ ਗੁੱਡ ਨੈਟ।